ਵੱਖ-ਵੱਖ ਸਮਿਆਂ ਵਿਚ ਇਸ ਖ਼ਿੱਤੇ ਦੇ ਵੱਖ-ਵੱਖ ਨਾਂ ਰਹੇ ਹਨ, ਜਿਵੇਂ ਕਿ ਸਪਤਸਿੰਧੂ ਅਤੇ ਪੰਚਨਦ, ਪਰ ਇਸਦਾ ਹਾਲੀਆ ਨਾਂ ਫ਼ਾਰਸੀ ਬੋਲੀ ਦੇ ਦੋ ਲਫ਼ਜ਼ਾਂ ਪੰਜ ਅਤੇ ਆਬ ਤੋਂ ਪਿਆ ਜਿੰਨ੍ਹਾਂ ਦਾ ਮਤਲਬ ਤਰਤੀਬਵਾਰ ੫ ਅਤੇ ਪਾਣੀ ਹੈ। ਇਸ ਤਰ੍ਹਾਂ ਇਸਦਾ ਮਤਲਬ ਹੈ ਪੰਜ ਪਾਣੀਆਂ ਦੀ ਧਰਤੀ। ਇਹ ਪੰਜ ਪਾਣੀ ਜਾਂ ਦਰਿਆ ਹਨ,[੧]ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ। ਸਿੰਧ ਦਰਿਆ ਦੇ ਇਹਨਾਂ ਸਾਰੇ ਸਹਾਇਕ ਦਰਿਆਵਾਂ ਵਿਚੋਂ ਜੇਹਲਮ ਦਰਿਆ ਸਭ ਤੋਂ ਵੱਡਾ ਹੈ।
ਇਤਿਹਾਸ
ਪੰਜਾਬ ਇਤਿਹਾਸਿਕ ਅਤੇ ਸੱਭਿਆਚਾਰਕ ਤੌਰ ਤੇ ਹਿੰਦ-ਇਰਾਨੀ (ਆਰਿਆਈ) ਵਿਰਾਸਤ ਨਾਲ਼ ਜੁੜਿਆ ਹੋਇਆ ਹੈ। ਪਹਿਲਾਂ ਤੋਂ ਹੀ ਇਹ ਖ਼ਿੱਤਾ ਪੱਛਮੀ ਹਮਲਾਵਰਾਂ ਲਈ ਭਾਰਤੀ ਉਪਮਹਾਂਦੀਪ ਦਾ ਦਰਵਾਜ਼ਾ ਰਿਹਾ ਹੈ। ਇਹਨਾਂ ਹਮਲਿਆਂ ਦੇ ਸਿੱਟੇ ਵੱਜੋਂ ਹੀ ਇੱਥੇ ਕਈ ਜਾਤ-ਬਰਾਦਰੀਆਂ, ਧਰਮਾਂ ਅਤੇ ਸੱਭਿਆਚਾਰ ਵਿਰਾਸਤ ਦਾ ਜਨਮ ਹੋਇਆ। ਪਰਿ-ਇਤਿਹਾਸਿਕ ਸਮੇਂ ਦੱਖਣੀ ਏਸ਼ੀਆ ਦੇ ਸਭ ਤੋਂ ਪਹਿਲੇ ਸੱਭਿਆਚਾਰਾਂ ’ਚੋਂ ਇਕ ਹੜੱਪਾ ਸੱਭਿਆਚਾਰ ਪੰਜਾਬ ਵਿਚ ਸੀ।
ਇੱਥੋਂ ਦੇ ਰਹਿਣ ਵਾਲ਼ੇ ਹਿੰਦ-ਆਰੀਆਈ ਬੋਲੀ ਬੋਲਦੇ ਹਨ, ਜਿਸਨੂੰ ਪੰਜਾਬੀ ਆਖਦੇ ਹਨ। ਇੱਥੇ ਯੂਨਾਨੀ, ਅਰਬ, ਤੁਰਕ, ਮੁਗ਼ਲ, ਅਫ਼ਗ਼ਾਨ, ਬਲੌਚੀ ਅਤੇ ਅੰਗਰੇਜ਼ ਵੀ ਰਹੇ।
ਇਹ ਖ਼ਿੱਤਾ ਹੁਣ ਵੱਡੇ ਪੰਜਾਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਜਿਸਦੀ ੧੯੪੭ ਵਿਚ ਹੋਈ ਤਕਸੀਮ ਦੌਰਾਨ ਇਹ ਭਾਰਤ ਅਤੇ ਪਾਕਿਸਤਾਨ ਵਿਚ ਵੰਡਿਆ ਗਿਆ। ਵੱਡਾ ਹਿੱਸਾ, ਤਕਰੀਬਨ ੬੦ ਫ਼ੀਸਦੀ, ਪਾਕਿਸਤਾਨ ਵਿਚ ਆਇਆ ਅਤੇ ੪੦ ਫ਼ੀਸਦੀ ਹਿੰਦੁਸਤਾਨ ਵਿਚ ਆਇਆ। ਪੰਜਾਂ ਵਿਚੋਂ ਤਿੰਨ ਦਰਿਆ ਪਾਕਿਸਤਾਨ ਵਿਚ ਆਏ। ਭਾਰਤ ਵਿਚ ਇਸਨੂੰ ਮੁੜ ਪੰਜਾਬ, ਹਰਿਆਣਾ ਅਤੇ ਹਿਮਾਚਲ ਰਿਆਸਤਾਂ ਵਿਚ ਤਕਸੀਮ ਕਰ ਦਿੱਤਾ ਗਿਆ।
ਪੰਜਾਬੀ ਦੋਹਾਂ ਪੰਜਾਬਾਂ ਦੀ ਸਾਂਝੀ ਬੋਲੀ ਹੈ। ਪੰਜਾਬੀ ਲਿਖਣ ਲਈ ਲਹਿੰਦੇ ਪੰਜਾਬ ਵਿਚ ਸ਼ਾਹਮੁਖੀ ਅਤੇ ਚੜ੍ਹਦੇ ਪੰਜਾਬ ਵਿਚ ਗੁਰਮੁਖੀ ਲਿਪੀ ਵਰਤੀ ਜਾਂਦੀ ਹੈ।